Caldas da Rainha ਵਿੱਚ ਨੋਰੋਵਾਇਰਸ ਫੈਲਿਆ — ਜਾਣੋ ਬਚਾਅ ਦੇ ਤਰੀਕੇ
ਪੁਰਤਗਾਲ ਦੇ ਸ਼ਹਿਰ Caldas da Rainha ਵਿੱਚ ਨੋਰੋਵਾਇਰਸ (norovirus) ਨਾਂ ਦਾ ਇੱਕ ਵਾਇਰਸ ਫੈਲ ਗਿਆ ਹੈ। ਇਸ ਨਾਲ ਉਲਟੀ, ਦਸਤ, ਅਤੇ ਕੁਝ ਲੋਕਾਂ ਵਿੱਚ ਬੁਖ਼ਾਰ ਅਤੇ ਪੇਟ ਦਰਦ ਦੀ ਸ਼ਿਕਾਇਤ ਆ ਰਹੀ ਹੈ। ਇਹ ਲੇਖ ਤੁਹਾਨੂੰ ਦੱਸੇਗਾ ਕਿ ਕੀ ਹੋਇਆ ਹੈ, ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ।
ਹੋਇਆ ਕੀ ਹੈ
Caldas da Rainha ਦੇ ਹਸਪਤਾਲ ਵਿੱਚ 60 ਤੋਂ ਵੱਧ ਲੋਕ ਉਲਟੀ ਅਤੇ ਦਸਤ ਦੀ ਸ਼ਿਕਾਇਤ ਲੈ ਕੇ ਪਹੁੰਚੇ। ਸਥਾਨਕ ਅਖ਼ਬਾਰ Jornal da Caldas ਮੁਤਾਬਕ, ਨਗਰ ਪਾਲਿਕਾ ਨੇ ਕੁੱਲ 122 ਲੋਕਾਂ ਵਿੱਚ ਇਹ ਬਿਮਾਰੀ ਹੋਣ ਦੀ ਪੁਸ਼ਟੀ ਕੀਤੀ ਹੈ। National Institute of Health Dr Ricardo Jorge ਨੇ ਟੈਸਟ ਕਰਕੇ ਦੱਸਿਆ ਕਿ ਇਹ ਨੋਰੋਵਾਇਰਸ ਹੈ।
Euronews ਮੁਤਾਬਕ, ਇਹਨਾਂ 122 ਵਿੱਚੋਂ 80 ਲੋਕ ਉਹ ਖਿਡਾਰੀ ਹਨ ਜੋ 24 ਜੂਨ ਤੋਂ 8 ਜੁਲਾਈ ਤੱਕ Caldas da Rainha ਅਤੇ Óbidos ਵਿੱਚ ਹੋਏ ਇੱਕ ਅੰਤਰਰਾਸ਼ਟਰੀ ਯੂਥ ਫੁੱਟਬਾਲ ਟੂਰਨਾਮੈਂਟ ਵਿੱਚ ਖੇਡ ਰਹੇ ਸਨ।
ਕੀ ਖਾਣੇ ਵਿੱਚ ਗ਼ਲਤੀ ਸੀ?
ASAE (ਪੁਰਤਗਾਲ ਦੀ ਖਾਧ ਸੁਰੱਖਿਆ ਏਜੰਸੀ) ਅਤੇ ਸਿਹਤ ਅਧਿਕਾਰੀਆਂ ਨੇ ਟੂਰਨਾਮੈਂਟ ਦਾ ਖਾਣਾ ਸਪਲਾਈ ਕਰਨ ਵਾਲੀ ਕੰਪਨੀ Footmania ਦੀ ਜਾਂਚ ਕੀਤੀ। ਖਾਣੇ ਅਤੇ ਸਤਹਾਂ ਦੇ ਨਮੂਨੇ ਲਏ ਗਏ, ਪਰ ਕੋਈ ਸਬੂਤ ਨਹੀਂ ਮਿਲਿਆ ਕਿ ਇਹ ਬਿਮਾਰੀ ਟੂਰਨਾਮੈਂਟ ਦੇ ਖਾਣੇ ਤੋਂ ਸ਼ੁਰੂ ਹੋਈ।
“ਇਸ ਸਾਲ ਸਾਡੇ ਸਾਹਮਣੇ ਉਹ ਚੁਣੌਤੀਆਂ ਆਈਆਂ ਜੋ ਸਾਡੀ ਯੋਜਨਾ ਵਿੱਚ ਨਹੀਂ ਸਨ — ਇੱਕ ਤੇਜ਼ ਗਰਮੀ ਦੀ ਲਹਿਰ ਅਤੇ ਇੱਕ ਵਾਇਰਲ ਬਿਮਾਰੀ ਜਿਸ ਨੇ ਸਾਡੇ ਟੂਰਨਾਮੈਂਟ ਦੇ ਖਿਡਾਰੀਆਂ ਨੂੰ ਪ੍ਰਭਾਵਿਤ ਕੀਤਾ। ਅਸੀਂ ਹਮੇਸ਼ਾ ਸਭ ਤੋਂ ਪਹਿਲਾਂ ਸਿਹਤ ਨੂੰ ਰੱਖ ਕੇ ਤੇਜ਼ ਅਤੇ ਸਹੀ ਫ਼ੈਸਲੇ ਲੈਣ ਦੀ ਕੋਸ਼ਿਸ਼ ਕੀਤੀ।”
ਨੋਰੋਵਾਇਰਸ ਹੈ ਕੀ
ਨੋਰੋਵਾਇਰਸ ਪੇਟ ਖ਼ਰਾਬ ਹੋਣ (gastroenteritis) ਦੇ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ। ਇਹ ਫੈਲ ਸਕਦਾ ਹੈ:
- ਕਿਸੇ ਬਿਮਾਰ ਵਿਅਕਤੀ ਨਾਲ ਸਿੱਧੇ ਸੰਪਰਕ ਰਾਹੀਂ
- ਦੂਸ਼ਿਤ ਚੀਜ਼ਾਂ ਜਾਂ ਸਤਹਾਂ ਨੂੰ ਛੂਹਣ ਨਾਲ
- ਦੂਸ਼ਿਤ ਪਾਣੀ ਜਾਂ ਖਾਣੇ ਰਾਹੀਂ — ਖ਼ਾਸ ਕਰਕੇ ਕੱਚਾ ਸਮੁੰਦਰੀ ਭੋਜਨ (seafood) ਜਾਂ ਠੀਕ ਤਰ੍ਹਾਂ ਨਾ ਧੋਈਆਂ ਸਬਜ਼ੀਆਂ
ਗਰਮੀਆਂ ਵਿੱਚ ਅਜਿਹੇ ਵਾਇਰਸ ਜ਼ਿਆਦਾ ਫੈਲਦੇ ਹਨ। ਇੱਕ ਜ਼ਰੂਰੀ ਗੱਲ ਯਾਦ ਰੱਖੋ — ਐਂਟੀਬਾਇਓਟਿਕ ਦਵਾਈਆਂ ਇਸ ‘ਤੇ ਕੰਮ ਨਹੀਂ ਕਰਦੀਆਂ, ਕਿਉਂਕਿ ਇਹ ਸਿਰਫ਼ ਬੈਕਟੀਰੀਆ ਦੀ ਬਿਮਾਰੀ ‘ਤੇ ਅਸਰ ਕਰਦੀਆਂ ਹਨ, ਵਾਇਰਸ ‘ਤੇ ਨਹੀਂ।
ਇਲਾਜ ਕਿਵੇਂ ਹੁੰਦਾ ਹੈ
ਨੋਰੋਵਾਇਰਸ ਦਾ ਕੋਈ ਖ਼ਾਸ ਇਲਾਜ ਨਹੀਂ ਹੈ। ਸਿਰਫ਼ ਲੱਛਣਾਂ ਦਾ ਧਿਆਨ ਰੱਖਿਆ ਜਾਂਦਾ ਹੈ:
- ਪੂਰਾ ਆਰਾਮ ਕਰੋ
- ਬਹੁਤ ਸਾਰਾ ਪਾਣੀ ਅਤੇ ਤਰਲ ਪਦਾਰਥ ਪੀਓ, ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ
- ਡਾਕਟਰ ਦੀ ਸਲਾਹ ਮੁਤਾਬਕ ਹੀ ਖਾਣਾ-ਪੀਣਾ ਰੱਖੋ
ਬਚਾਅ ਲਈ ਸਾਦੇ ਤਰੀਕੇ
ਗਰਮੀਆਂ ਵਿੱਚ ਬੱਚੇ ਅਕਸਰ ਖੇਡਾਂ ਦੇ ਕੈਂਪਾਂ, ਟੂਰਨਾਮੈਂਟਾਂ, ਅਤੇ ਪੂਲ ਪਾਰਟੀਆਂ ਵਿੱਚ ਜਾਂਦੇ ਹਨ। ਇਹਨਾਂ ਗੱਲਾਂ ਦਾ ਧਿਆਨ ਰੱਖੋ:
- ਖਾਣ ਤੋਂ ਪਹਿਲਾਂ ਅਤੇ ਟਾਇਲਟ ਵਰਤਣ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਵੋ
- ਫਲ ਅਤੇ ਸਬਜ਼ੀਆਂ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ
- ਕੱਚਾ ਜਾਂ ਅੱਧਾ-ਪੱਕਾ ਸਮੁੰਦਰੀ ਭੋਜਨ ਖਾਣ ਤੋਂ ਬਚੋ
- ਜੇ ਪਰਿਵਾਰ ਵਿੱਚ ਕੋਈ ਬਿਮਾਰ ਹੋਵੇ, ਤਾਂ ਉਸ ਦੇ ਭਾਂਡੇ, ਤੌਲੀਏ ਵੱਖਰੇ ਰੱਖੋ
- ਬਿਮਾਰ ਬੱਚੇ ਨੂੰ ਸਕੂਲ ਜਾਂ ਖੇਡ ਸਮਾਗਮਾਂ ਵਿੱਚ ਨਾ ਭੇਜੋ, ਜਦੋਂ ਤੱਕ ਪੂਰੀ ਤਰ੍ਹਾਂ ਠੀਕ ਨਾ ਹੋ ਜਾਵੇ
ਅੱਗੇ ਕੀ
ਸਿਹਤ ਅਧਿਕਾਰੀ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਹਨ। ਅਸੀਂ ਵੀ ਇਸ ਖ਼ਬਰ ‘ਤੇ ਨਜ਼ਰ ਰੱਖਾਂਗੇ ਅਤੇ ਕੋਈ ਵੀ ਨਵੀਂ ਜਾਣਕਾਰੀ ਆਉਣ ‘ਤੇ ਤੁਹਾਨੂੰ ਦੱਸਾਂਗੇ।


Leave a Reply